Thursday, March 8, 2012

ਦਿੱਲੀ ਦਾ ਵਿਸ਼ਵ ਪੁਸਤਕ ਮੇਲਾ

ਪਿਛਲੇ ਦਿਨੀਂ 25 ਫਰਵਰੀ ਤੋਂ 4 ਮਾਰਚ ਤੱਕ ਦਿੱਲੀ ਵਿਚ ਚੱਲੇ ਵਿਸ਼ਵ ਪੁਸਤਕ ਮੇਲੇ ਵਿਚ ਜਾਣ ਦਾ ਸਬੱਬ ਬਣਿਆਂ। ਮੈਂ ਤੇ ਮੇਰੀ ਦੋਸਤ ਮਨਦੀਪ ਸਨੇਹੀ ਦੋਵੇਂ ਜਣੇ ਦਿੱਲੀ ਘੁੰਮਣ ਦੇ ਬਹਾਨੇ ਪੰਜਾਬ ਚੋਂ ਬਾਹਰ ਨਿਕਲੇ ਸਾਂ। ਪੁਸਤਕ ਮੇਲੇ 'ਚ ਜਾ ਕੇ ਖੁਸ਼ੀ ਹੋਈ। ਜ਼ਿਆਦਾਤਰ ਅੰਗਰੇਜ਼ੀ ਦੀਆਂ ਪੁਸਤਕਾਂ ਹੀ ਵਿਕਦੀਆਂ ਨਜ਼ਰ ਆਈਆਂ, ਪਰ ਫਿਰ ਵੀ ਪੰਜਾਬੀ ਵਾਲੇ ਕੁੱਝ ਬੁੱਕ ਸਟਾਲ ਵੀ ਗ੍ਰਾਹਕਾਂ ਤੋਂ ਸੱਖਣੇ ਨਹੀਂ ਸਨ। ਗ਼ਦਰੀ ਬਾਬਿਆਂ ਦੇ ਮੇਲੇ 'ਤੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਲੱਗਣ ਵਾਲੇ ਪੁਸਤਕ ਮੇਲੇ 'ਤੇ ਬਹੁ ਗਿਣਤੀ ਵਿਚ ਵਿਕਣ ਵਾਲੀਆਂ ਕਿਤਾਬਾਂ ਪੰਜਾਬੀ ਹੀ ਹੁੰਦੀਆਂ ਹਨ, ਤੇ ਦਿੱਲੀ ਵਾਲੇ ਪੁਸਤਕ ਮੇਲੇ 'ਤੇ ਮਹਾਂਨਗਰ ਦਾ ਕੁਝ ਤਾਂ ਅਸਰ ਪੈਣਾ ਸੁਭਾਵਿਕ ਹੀ ਹੈ। ਪੰਜਾਬੀ ਭਾਸ਼ਾ ਵਿਚ ਸਿਰਜਣਾਤਮਕ ਸਾਹਿਤ ਤਾਂ ਬਹੁਤ ਮਾਤਰਾ ਵਿਚ ਲਿਖਿਆ ਤੇ ਛਾਪਿਆ ਜਾ ਰਿਹਾ ਹੈ ਪਰ ਵਿਸ਼ਵ ਪੱਧਰ 'ਤੇ ਚੱਲ ਰਹੇ ਵਿਚਾਰਧਾਰਕ ਮਸਲਿਆਂ ਅਤੇ ਵਿਸ਼ਵ ਚਿੰਤਨ ਦੇ ਬਾਰੇ ਵਿਚ ਲਿਖਣ ਦੀ ਰਫਤਾਰ ਅਜੇ ਬਹੁਤ ਢਿੱਲੀ ਹੈ। ਸੋ ਸਾਰੇ ਪੰਜਾਬੀ ਬੁੱਕ ਸਟਾਲਾਂ 'ਤੇ ਫਿਰਦੀ ਫਿਰਦੀ ਨਜ਼ਰ ਜਦੋਂ ਥੱਕ ਗਈ ਤਾਂ ਫਿਰ ਵਿਸ਼ਵ ਚਿੰਤਨ ਦੇ ਮਸਲਿਆਂ ਨਾਲ ਜੁੜਨ ਲਈ ਅੰਗਰੇਜ਼ੀ ਦੀਆਂ ਪੁਸਤਕਾਂ ਹੀ ਖਰੀਦਣੀਆਂ ਪਈਆਂ। ਖੈਰ ਫਿਰ ਵੀ ਇਸ ਪੁਸਤਕ ਮੇਲੇ ਦਾ ਤਜਰਬਾ ਚੰਗਾ ਰਿਹਾ ਕਿਉਂਕਿ ਇਸ ਦੇ ਬਹਾਨੇ ਲਾਲ ਕਿਲ੍ਹਾ, ਜਾਮਾ ਮਸਜਿਦ, ਸ਼ੀਸ਼ਗੰਜ ਗੁਰਦੁਆਰਾ ਵੇਖਣ ਦਾ ਮੌਕਾ ਵੀ ਮਿਲਿਆ ਤੇ ਦਿੱਲੀ ਦੀ ਤੇਜ਼ ਮੈਟਰੋ ਦੀ ਸੁੱਖ ਸੁਵਿਧਾ ਦਾ ਵੀ ਅਹਿਸਾਸ ਹੋਇਆ।

No comments: