Tuesday, June 8, 2010

ਸੰਜੀਵਨੀ ਬੂਟੀ 'ਪੜ੍ਹੋ ਪੰਜਾਬ'

ਬਈ ਦੋਸਤੋ , ਮੰਨੋ ਜਾਂ ਭਾਵੇਂ ਨਾ ਮੰਨੋ ਪਰ ਗੱਲ ਇਹ ਸੱਚ ਆ ਕਿ ਪ੍ਰਾਇਮਰੀ ਸਿੱਖਿਆ 'ਚ ਸੁਧਾਰ ਹੋਣਾ ਸ਼ੁਰੂ ਵੀ ਹੋ ਗਿਆ ਆ ਤੇ ਬਹੁਤ ਸੁਧਾਰ ਹੋ ਵੀ ਗਿਆ ਆ।ਪਰ ਇੰਨਾ ਹੀ ਕਾਫ਼ੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਅਜੇ ਹੋਰ ਵੀ ਸੁਧਾਰ ਦੀ ਬਹੁਤ ਲੋੜ ਹੈ।ਸਰਵ ਸਿੱਖਿਆ ਅਭਿਆਨ ਵਲੋਂ ਚਲਾਇਆ ਪ੍ਰੋਜੈਕਟ "ਪੜ੍ਹੋ ਪੰਜਾਬ" ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਜਿੱਥੇ ਵਰਦਾਨ ਬਣ ਕੇ ਆਇਆ ਉੱਥੇ ਅਧਿਪਆਕਾਂ ਵਲੋਂ ਇਸ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਬਹੁਤ ਸਾਰੇ ਅਧਿਆਪਕਾਂ ਨੇ ਤਾਂ ਇਸ ਦੀਆਂ ਖੂਬੀਆਂ ਨੂੰ ਦੇਖਦਿਆਂ ਹੋਇਆਂ ਇਸ ਵਿਧੀ ਅਤੇ ਸਮੱਗਰੀ ਨੂੰ ਅਪਣਾਇਆ ਪਰ ਦੂਜੇ ਪਾਸੇ ਇਕ ਉਹ ਵਰਗ ਵੀ ਹੈ ਜਿਹੜਾ ਇਸ ਨੂੰ ਪਰਖਣ ਦੀ ਬਜਾਏ ਇਸ ਦੀ ਭੰਡੀ ਕਰਨ ਵਿੱਚ ਹੀ ਰੁੱਝਾ ਰਹਿੰਦਾ ਹੈ।ਪੜ੍ਹੋ ਪੰਜਾਬ ਅਧੀਨ ਪਹਿਲਾਂ ਜਿੱਥੇ ਗਣਿਤ ਅਤੇ ਪੰਜਾਬੀ ਦੇ ਹੀ ਸਵੇਰ ਦੇ ਸਮੇਂ ਵਿੱਚ ਦੋ ਘੰਟੇ ਲਗਾਏ ਜਾਂਦੇ ਸਨ ਅਤੇ ਇਸ ਦਾ ਨਤੀਜਾ ਵੀ ਚੰਗਾ ਪ੍ਰਾਪਤ ਹੋਇਆ ਹੁਣ ਇਸ ਵਿੱਚ ਹੋਰ ਵਾਧਾ ਕੀਤਾ ਗਿਆ ਅਤੇ ਇਕ ਘੰਟਾ ਅੰਗਰੇਜ਼ੀ ਵਿਸ਼ੇ ਲਈ ਵੀ ਰਾਖਵਾਂ ਰੱਖ ਲਿਆ ਗਿਆ ਹੈ।ਪਹਿਲਾਂ ਪੜ੍ਹੋ ਪੰਜਾਬ ਅਧੀਨ ਅੰਗਰੇਜ਼ੀ ਸਿਰਫ਼ ਉਨ੍ਹਾਂ ਹੀ ਬੱਚਿਆਂ ਨੂੰ ਪੜ੍ਹਾਈ ਜਾਂਦੀ ਸੀ ਜਿਹੜੇ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਲੈਂਦੇ ਸੀ, ਪਰ ਹੁਣ ਇਹ ਪਹਿਲੀ ਕਲਾਸ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ।ਪੜ੍ਹੋ ਪੰਜਾਬ ਵਿੱਚ ਬੱਚਿਆਂ ਨੂੰ ਉਨ੍ਹਾਂ ਦੀ ਪੜ੍ਹਾਈ ਦੇ ਪੱਧਰ ਦੇ ਅਨੁਸਾਰ ਵੱਖ ਵੱਖ ਮਹਿਲਾਂ 'ਚ ਬਿਠਾਇਆ ਜਾਂਦਾ ਹੈ। ਹਰ ਮਹਿਲ ਦੀ ਪੜ੍ਹਾਈ ਲਈ ਸਮੱਗਰੀ ਪੜ੍ਹੋ ਪੰਜਾਬ ਵੱਲੋਂ ਵੱਖਰੇ ਤੌਰ 'ਤੇ ਭੇਜੀ ਜਾਂਦੀ ਹੈ।
ਇਸ ਪੜ੍ਹੋ ਪੰਜਾਬ ਪ੍ਰੋਜੈਕਟ ਦਾ ਹੀ ਨਤੀਜਾ ਹੈ ਕਿ ਅੱਜ ਪ੍ਰਾਇਮਰੀ ਸਕੂਲਾਂ ਵਿੱਚ ਮਾਪਿਆਂ ਦਾ ਵਿਸ਼ਵਾਸ ਦੁਬਾਰਾ ਜਾਗਿਆ ਹੈ ਅਤੇ ਇਸ ਵਾਰ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ।ਇਸ ਸਫਲਤਾ ਲਈ ਜਿੱਥੇ ਪੰਜਾਬ ਸਰਕਾਰ, ਸਰਵ ਸਿੱਖਿਆ ਅਭਿਆਨ, ਡੀ.ਜੀ.ਐੱਸ.ਈ. ਵਧਾਈ ਦੇ ਪਾਤਰ ਨੇ ਉੱਥੇ ਨਾਲ ਹੀ ਉਹ ਸਾਰਾ ਅਧਿਆਪਕ ਵਰਗ ਵੀ ਇਸ ਲਈ ਵਧਾਈ ਦਾ ਹੱਕਦਾਰ ਹੈ ਜਿਸਨੇ ਇਸ ਕਾਰਜ ਨੂੰ ਸਫ਼ਲ ਬਣਾਉਣ ਵਿੱਚ ਪੂਰੀ ਮਿਹਨਤ ਨਾਲ ਆਪਣਾ ਫ਼ਰਜ਼ ਨਿਭਾਇਆ।
ਬਸ ਹੁਣ ਜਲਦੀ ਜਲਦੀ ਸਰਕਾਰ ਜੇ ਕਿਤੇ ਪ੍ਰਾਇਮਰੀ ਵਿਭਾਗ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰ ਦੇਵੇ ਤੇ ਅਧਿਆਪਕ ਸਿਰੋਂ ਡਾਕਾਂ ਦਾ ਥੋੜਾ ਹੋਰ ਭਾਰ ਘਟਾ ਦਿੱਤਾ ਜਾਵੇ ਤਾਂ ਰਹਿੰਦੀ ਕਸਰ ਵੀ ਜਲਦੀ ਹੀ ਪੂਰੀ ਹੋ ਜਾਵੇਗੀ.

No comments: